1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਵਿਦੇਸ਼ੀ ਕਾਮਿਆਂ ਨੇ ਪੀ.ਈ.ਆਈ ਦੇ ਪ੍ਰੀਮੀਅਰ ਨਾਲ ਇਮੀਗ੍ਰੇਸ਼ਨ ਤਬਦੀਲੀਆਂ ਬਾਰੇ ਆਪਣੇ ਖ਼ਦਸ਼ੇ ਸਾਂਝੇ ਕੀਤੇ

ਪ੍ਰੀਮੀਅਰ ਡੇਨਿਸ ਕਿੰਗ ਨੇ ਮੁਜ਼ਾਹਰਾਕਾਰੀਆਂ ਨਾਲ ਮੁਲਾਕਾਤ ਕੀਤੀ

ਪ੍ਰੀਮੀਅਰ ਡੇਨਿਸ ਕਿੰਗ ਨੇ ਮੁਜ਼ਾਹਰਾਕਾਰੀਆਂ ਨੂੰ ਕਿਹਾ ਕਿ ਸੂਬਾ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਪਰ ਇਹ ਫੈਸਲਾ ਵਾਪਸ ਨਹੀਂ ਲਿਆ ਜਾਵੇਗਾ।

ਪ੍ਰੀਮੀਅਰ ਡੇਨਿਸ ਕਿੰਗ ਨੇ ਮੁਜ਼ਾਹਰਾਕਾਰੀਆਂ ਨੂੰ ਕਿਹਾ ਕਿ ਸੂਬਾ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਪਰ ਇਹ ਫੈਸਲਾ ਵਾਪਸ ਨਹੀਂ ਲਿਆ ਜਾਵੇਗਾ।

ਤਸਵੀਰ: (Steve Bruce/CBC)

RCI

ਪ੍ਰਿੰਸ ਐਡਵਰਡ ਆਈਲੈਂਡ ਦੀ ਨਵੀਂ ਇਮੀਗ੍ਰੇਸ਼ਨ ਰਣਨੀਤੀ ਦਾ ਵਿਰੋਧ ਕਰ ਰਹੇ ਵਿਦੇਸ਼ੀ ਕਾਮਿਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੀਰਵਾਰ ਨੂੰ ਸੂਬੇ ਦੇ ਪ੍ਰੀਮੀਅਰ ਨਾਲ ਗੱਲ ਕਰਨ ਦਾ ਮੌਕਾ ਮਿਲਿਆ।

ਗ੍ਰੇਟਰ ਸ਼ਾਰਲੇਟਾਊਨ ਏਰੀਆ ਚੈਂਬਰ ਔਫ਼ ਕੌਮਰਸ ਦੀ ਸਲਾਨਾ ਮੀਟਿੰਗ ਦੌਰਾਨ ਡੈਲਟਾ ਹੋਟਲ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਪ੍ਰੀਮੀਅਰ ਡੇਨਿਸ ਕਿੰਗ ਨਾਲ ਮੁਲਾਕਾਤ ਕੀਤੀ।

ਇੱਕ ਮੁਜ਼ਾਹਰਾਕਾਰੀ, ਰੁਪਿੰਦਰਪਾਲ ਸਿੰਘ ਨੇ ਕਿਹਾ, ਅਸੀਂ ਪੀ.ਈ.ਆਈ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਨਾਲ ਸਹਿਯੋਗ ਕਰੇ, ਸਾਨੂੰ ਗੰਭੀਰਤਾ ਨਾਲ ਲਿਆ ਜਾਵੇ

ਤਬਦੀਲੀਆਂ ਕਾਰਨ ਹਜ਼ਾਰਾਂ ਵਿਦੇਸ਼ੀ ਕਾਮਿਆਂ ਨੂੰ ਚਿੰਤਾ ਹੈ ਕਿ ਜਦੋਂ ਉਨ੍ਹਾਂ ਦੇ ਵਰਕ ਪਰਮਿਟ ਖ਼ਤਮ ਹੋਣਗੇ ਅਤੇ ਉਹ ਪਰਮਾਨੈਂਟ ਰੈਜ਼ੀਡੈਂਸੀ ਲਈ ਹੁਣ ਪ੍ਰੋਵਿੰਸ਼ੀਅਲ ਨੌਮਿਨੇਸ਼ਨ ਪ੍ਰੋਗਰਾਮ (PNP) ਵਿਚ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ, ਜਿਸ ਕਰਕੇ ਉਨ੍ਹਾਂ ਨੂੰ ਸੂਬਾ ਜਾਂ ਸ਼ਾਇਦ ਕੈਨੇਡਾ ਹੀ ਛੱਡਣਾ ਪਵੇਗਾ।

ਰੁਪਿੰਦਰਪਾਲ ਨੇ ਕਿਹਾ ਕਿ ਨਿਯਮ ਰਾਤੋ-ਰਾਤ ਬਦਲ ਦਿੱਤੇ ਗਏ।

ਫ਼ਰਵਰੀ ਵਿਚ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਲਈ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਸੂਬਾਈ ਨੌਮੀਨੇਸ਼ਨਾਂ ਵਿਚ 25% ਕਟੌਤੀ ਕੀਤੀ ਜਾਵੇਗੀ ਅਤੇ ਸੇਲਜ਼ ਤੇ ਸਰਵਿਸ ਸੈਕਟਰ ਦੇ ਵਰਕਰਾਂ ਦੀਆਂ ਨੌਮੀਨੇਸ਼ਨਾਂ, ਜੋ ਕਿ ਪਿਛਲੇ ਸਾਲ 800 ਤੋਂ ਵੱਧ ਸਨ, ਨੂੰ ਘਟਾ ਕੇ ਇਸ ਸਾਲ ਤਕਰੀਬਨ 200 ਅਰਜ਼ੀਆਂ ਕੀਤਾ ਜਾਵੇਗਾ।

ਮੁਜ਼ਾਹਰਾਕਾਰੀਆਂ ਵਿਚ ਕੁਝ ਨੌਕਰੀਦਾਤਾ ਵੀ ਸ਼ਾਮਲ ਹਨ, ਜੋ ਆਪਣੇ ਕਾਮਿਆਂ ਦੇ ਭਵਿੱਖ ਨੂੰ ਲੈਕੇ ਫ਼ਿਕਰਮੰਦ ਹਨ।

ਟੇਸਟ ਔਫ਼ ਮੈਡੀਟਰੇਨੀਅਨ ਨਾਂ ਦੇ ਰੈਸਟੋਰੈਂਟ ਦੇ ਮਾਲਕ, ਬਲਦੀਪ ਸਿੰਘ ਨੇ ਕਿਹਾ, ਸਪਸ਼ਟ ਹੈ ਕਿ ਜੇ ਇਹ ਵਰਕਰ ਇੱਥੇ ਨਹੀਂ ਰਹਿ ਸਕਣਗੇ ਤਾਂ ਸਾਨੂੰ ਹੋਰ ਲੋਕਾਂ ਨੂੰ ਨੌਕਰੀ ਤੇ ਰੱਖਣਾ ਪਵੇਗਾ। ਇਸ ਕਰਕੇ ਇਸ ਦਾ ਸਾਡੇ ‘ਤੇ ਪ੍ਰਭਾਵ ਪੈਣਾ ਹੈ। ਸਾਨੂੰ ਪਤਾ ਹੈ ਕਿ ਜੇ ਇਹਨਾਂ ਨੂੰ ਪੇਪਰਵਰਕ ਨਹੀਂ ਮਿਲਦਾ ਤਾਂ ਛੇ ਮਹੀਨਿਆਂ ਬਾਅਦ ਇਹਨਾਂ ਨੂੰ ਜਾਣਾ ਪੈਣਾ ਹੈ

ਰੁਪਿੰਦਰ ਨੇ ਕਿਹਾ ਕਿ ਉਸਦਾ ਵਰਕ ਪਰਮਿਟ 2 ਮਹੀਨਿਆਂ ਵਿਚ ਖ਼ਤਮ ਹੋ ਰਿਹਾ ਹੈ ਅਤੇ ਉਸਨੂੰ ਸੂਬੇ ਦੀ ਮਦਦ ਦੀ ਲੋੜ ਹੈ। ਹਾਲਾਂਕਿ ਪ੍ਰੀਮੀਅਰ ਨੇ ਵਰਕਰਾਂ ਨਾਲ ਹਮਦਰਦੀ ਪ੍ਰਗਟਾਈ, ਪਰ ਕਿਹਾ ਕਿ ਤਬਦੀਲੀਆਂ ਲੋੜੀਂਦੀਆਂ ਸਨ ਅਤੇ ਬਰਕਰਾਰ ਰਹਿਣਗੀਆਂ।

ਰੁਪਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਮਈ ਦੀ ਅਖ਼ੀਰ ਤੱਕ ਨਿਯਮ ਨਹੀਂ ਬਦਲੇ ਗਏ ਤਾਂ ਉਹਨਾਂ ਦਾ ਸਮੂਹ 24 ਘੰਟਿਆਂ ਦੀ ਭੁੱਖ ਹੜਤਾਲ ਦੀ ਯੋਜਨਾ ਬਣਾ ਰਿਹਾ ਹੈ।

ਰੁਪਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਮਈ ਦੀ ਅਖ਼ੀਰ ਤੱਕ ਨਿਯਮ ਨਹੀਂ ਬਦਲੇ ਗਏ ਤਾਂ ਉਹਨਾਂ ਦਾ ਸਮੂਹ 24 ਘੰਟਿਆਂ ਦੀ ਭੁੱਖ ਹੜਤਾਲ ਦੀ ਯੋਜਨਾ ਬਣਾ ਰਿਹਾ ਹੈ।

ਤਸਵੀਰ: (Steve Bruce/CBC)

ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿਚ ਇਮੀਗ੍ਰੇਸ਼ਨ ਰਾਹੀਂ ਟਿਕਾਊ ਵਿਕਾਸ ਕਰਨਾ ਚਾਹੁੰਦੀ ਹੈ। ਕਿੰਗ ਨੇ ਕਿਹਾ ਕਿ ਇਕੋ ਸੈਕਟਰ ਨੂੰ ਹੋਰ ਸੈਕਟਰਾਂ ਦੇ ਮੁਕਾਬਲੇ ਬਹੁਤ ਸਾਰੀਆਂ ਨੌਮੀਨੇਸ਼ਨਾਂ ਮਿਲ ਰਹੀਆਂ ਹਨ, ਜਦ ਕਿ ਹੋਰ ਸੈਕਟਰਾਂ ਨੂੰ ਵੀ ਫ਼ੋਕਸ ਦੀ ਜ਼ਰੂਰਤ ਹੈ।

ਇਸ ਹਫ਼ਤੇ ਦੇ ਸ਼ੁਰੂ ਵਿਚ ਵਰਕਫ਼ੋਰਸ ਮੰਤਰੀ ਜੈਨ ਰੈਡਮੰਡ ਨੇ ਕਿਹਾ ਸੀ ਕਿ ਉਨ੍ਹਾਂ ਦਾ ਵਿਭਾਗ ਉਨ੍ਹਾਂ ਵਰਕਰਾਂ ਨਾਲ ਸੰਪਰਕ ਕਰੇਗਾ ਜਿਨ੍ਹਾਂ ਦੇ ਪਰਮਿਟ ਇਸ ਸਾਲ ਖ਼ਤਮ ਹੋ ਰਹੇ ਹਨ, ਪਰ ਉਨ੍ਹਾਂ ਇਹ ਨਹੀਂ ਸੀ ਦੱਸਿਆ ਕਿ ਵਰਕਰਾਂ ਲਈ ਕੀ ਕੀਤਾ ਜਾ ਸਕਦਾ ਹੈ।

ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਪਸ਼ਟਤਾ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਂ ਬੀਤ ਰਿਹਾ ਹੈ ਅਤੇ ਜ਼ਿੰਦਗੀ ਦਾਅ ‘ਤੇ ਲੱਗਣ ਵਾਲੀ ਸਥਿਤੀ ਬਣੀ ਹੋਈ ਹੈ, ਇਸ ਕਰਕੇ ਉਹ ਚਾਹੁੰਦੇ ਹਨ ਕਿ ਸਰਕਾਰ ਜਲਦੀ ਹੱਲ ਕਰੇ।

ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਪਸ਼ਟ ਜਵਾਬ ਚਾਹੀਦੇ ਹਨ ਕਿ ਉਨ੍ਹਾਂ ਦੇ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ।

ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਪਸ਼ਟ ਜਵਾਬ ਚਾਹੀਦੇ ਹਨ ਕਿ ਉਨ੍ਹਾਂ ਦੇ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ।

ਤਸਵੀਰ: (Steve Bruce/CBC)

ਚੈਂਬਰ ਨੇ ਸਰਕਾਰ ਦੇ ਫ਼ੈਸਲੇ ‘ਤੇ ਸਵਾਲ ਚੁੱਕੇ

ਡੈਲਟਾ ਹੋਟਲ ਵਿਚ ਚਲ ਰਹੀ ਮੀਟਿੰਗ ਵਿਚ ਚੈਂਬਰ ਨੇ ਪ੍ਰੀਮੀਅਰ ਕੋਲੋਂ ਹਾਲੀਆ ਇਮੀਗ੍ਰੇਸ਼ਨ ਤਬਦੀਲੀਆਂ ਬਾਰੇ ਵੀ ਸਵਾਲ ਕੀਤੇ।

ਚੈਂਬਰ ਦੇ ਪ੍ਰੈਜ਼ੀਡੈਂਟ ਬੈਨ ਪਾਰਸਨਜ਼ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਫ਼ੀਡਬੈਕ ਮਿਲ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਵਰਕਫ਼ੋਰਸ ਵਿਚ ਕਾਫ਼ੀ ਵਿਘਨ ਪਵੇਗਾ। ਪ੍ਰੀਮੀਅਰ ਕਿੰਗ ਨੇ ਕਿਹਾ ਕਿ ਉਹ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਲੋੜ ਪੈਣ ‘ਤੇ ਤਬਦੀਲੀਆਂ ਕਰ ਸਕਦੇ ਹਨ, ਪਰ ਹਾਲ ਦੀ ਘੜੀ ਫ਼ਰਵਰੀ ਵਿਚ ਐਲਾਨੀਆਂ ਤਬਦੀਲੀਆਂ ਬਰਕਰਾਰ ਰਹਿਣਗੀਆਂ।

ਚੈਂਬਰ ਨੇ ਕਿਹਾ ਕਿ ਉਹ ਤਬਦੀਲੀਆਂ ਲਈ ਦਬਾਅ ਪਾਉਂਦਾ ਰਹੇਗਾ। ਕੁਝ ਵਿਦੇਸ਼ੀ ਕਾਮਿਆਂ ਦਾ ਕਹਿਣਾ ਹੈ ਕਿ ਜੇ ਮਈ ਦੀ ਅਖ਼ੀਰ ਤੱਕ ਨਿਯਮ ਨਹੀਂ ਬਦਲੇ ਗਏ ਤਾਂ ਉਹ 24 ਘੰਟਿਆਂ ਦੀ ਭੁੱਖ ਹੜਤਾਲ ਦੀ ਯੋਜਨਾ ਬਣਾ ਰਹੇ ਹਨ।

ਵਿਕਟੋਰੀਆ ਵੌਲਟਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ