1. ਮੁੱਖ ਪੰਨਾ
  2. ਕਲਾ

ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿਚ ਦੇਹਾਂਤ

2013 ਵਿਚ ਮਿਲਿਆ ਸੀ ਨੋਬਰ ਪੁਰਸਕਾਰ

ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦੀ 10 ਦਸੰਬਰ 2013 ਦੀ ਤਸਵੀਰ।

ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦੀ 10 ਦਸੰਬਰ 2013 ਦੀ ਤਸਵੀਰ।

ਤਸਵੀਰ: (Chad Hipolito/The Canadian Press)

RCI

ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੁਨਰੋ ਨੂੰ 'ਨਿੱਕੀ ਕਹਾਣੀ ਦੀ ਉਸਤਾਦ' ਵੱਜੋਂ ਵਿਸ਼ੇਸ਼ ਸਤਿਕਾਰ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਸਾਲ 2013 ਵਿਚ ਸਾਹਿਤ ਲਈ ਨੋਬਲ ਪੁਰਸਕਾਰ ਜਿੱਤਿਆ ਸੀ।

ਮੁਨਰੋ ਦੇ  ਪ੍ਰਕਾਸ਼ਕ ਨੇ ਮੰਗਲਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ।

ਮੁਨਰੋ ਦਾ ਜਨਮ 10 ਜੁਲਾਈ, 1931 ਨੂੰ ਓਨਟੇਰਿਓ ਦੇ ਵਿੰਗਹੈਮ ਵਿੱਚ ਹੋਇਆ ਸੀ।

ਉਹਨਾਂ ਨੇ ਛੋਟੀ ਉਮਰ ਵਿਚ ਹੀ ਨਿੱਕੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਬਾਅਦ ਵਿੱਚ ਉਹਨਾਂ ਨੇ ਆਪਣਾ ਕਰੀਅਰ ਹੀ ਇਸ ਪੇਸ਼ੇ ਨੂੰ ਸਮਰਪਿਤ ਕਰ ਦਿੱਤਾ। ਮੁਨਰੋ ਨੇ ਨਿੱਕੀ ਕਹਾਣੀ ਇਸ ਲਈ ਚੁਣੀ ਕਿਉਂਕਿ ਤਿੰਨ ਬੱਚਿਆਂ ਦੀ ਮਾਂ ਹੋਣ ਕਰਕੇ ਉਹਨਾਂ ਕੋਲ ਨਾਵਲ ਲਿਖਣ ਦਾ ਸਮਾਂ ਨਹੀਂ ਸੀ।

ਮੁਨਰੋ 2013 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਦੂਸਰੀ ਕੈਨੇਡੀਅਨ ਬਣੀ। ਸਟਾਕਹੋਮ ਵਿੱਚ ਪੁਰਸਕਾਰ ਦੀ ਘੋਸ਼ਣਾ ਕਰਦੇ ਹੋਏ, ਸਵੀਡਿਸ਼ ਅਕੈਡਮੀ ਨੇ ਉਸ ਸਮੇਂ 82 ਸਾਲ ਦੀ ਮੁਨਰੋ ਨੂੰ ਸਮਕਾਲੀ ਨਿੱਕੀ ਕਹਾਣੀ ਦੀ ਉਸਤਾਦ ਆਖਿਆ ਸੀ।

ਮੁਨਰੋ ਨੇ 14 ਪ੍ਰਸਿੱਧ ਰਚਨਾਵਾਂ ਕੀਤੀਆਂ ਜਿਸ ਵਿਚ ਉਨ੍ਹਾਂ ਨੇ ਆਮ ਲੋਕਾਂ ਦੀਆਂ ਕਹਾਣੀ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਅਤੇ ਨਾਰੀਵਾਦ, ਬੇਅਰਾਮੀ, ਉਮਰ ਅਤੇ ਹੋਰ ਪੇਚੀਦਾ ਵਿਸ਼ਿਆਂ ‘ਤੇ ਕਹਾਣੀਆਂ ਲਿਖੀਆਂ।

ਨੋਬਲ ਪੁਰਸਕਾਰ ਜਿੱਤਣ ਤੋਂ ਬਾਅਦ ਸੀਬੀਸੀ ਨੂੰ ਇੱਕ ਇੰਟਰਵਿਊ ਵਿਚ ਮੁਨਰੋ ਨੇ ਕਿਹਾ ਸੀ ਉਹ ਚਾਹੁੰਦੇ ਹਨ ਕਿ ਲੋਕ ਨਿੱਕੀ ਕਹਾਣੀ ਨੂੰ ਨਾਵਲ ਲਿਖਣ ਤੋਂ ਪਹਿਲਾਂ ਦੀ ਵੰਨਗੀ ਵਿਚ ਹੱਥ ਅਜ਼ਮਾਉਣ ਦੀ ਬਜਾਏ, ਇਸ ਨੂੰ ਇੱਕ ਵੱਖਰੀ ਮਹੱਤਵਪੂਰਨ ਕਲਾ ਵੱਜੋਂ ਦੇਖਣ

ਨੋਬਲ ਤੋਂ ਇਲਾਵਾ ਮੁਨਰੋ ਨੇ ਤਿੰਨ ਗਵਰਨਰ ਜਨਰਲ ਸਾਹਿਤਕ ਪੁਰਸਕਾਰ, 2 ਗਿਲਰ ਪੁਰਸਕਾਰ ਅਤੇ ਬੁਕਰ ਪੁਰਸਕਾਰ ਵਰਗੇ ਕਈ ਸਾਹਿਤਕ ਸਨਮਾਨ ਆਪਣੇ ਨਾਂ ਕੀਤੇ ਸਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ