1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਮੂਲਨਿਵਾਸੀ ਪਛਾਣ ਫ਼ਰਾਡ ਨਾਲ ਨਜਿੱਠਣ ਅਤੇ ਫ਼ੈਡਰਲ ਕਾਨੂੰਨ ਬਾਰੇ ਚਰਚਾ ਲਈ ਵਿਨੀਪੈਗ ਚ ਸਿਖਰ ਸੰਮੇਲਨ

ਮੇਟੀ ਨੇਸ਼ਨ ਔਫ਼ ਓਨਟੇਰਿਓ ਦੀ ਪ੍ਰੈਜ਼ੀਡੈਂਟ ਵੱਲੋਂ ਆਪਣੀ ਸੰਸਥਾ ਦੇ ਦਾਅਵਿਆਂ ਦਾ ਬਚਾਅ 

ਮੇਟੀ ਨੇਸ਼ਨ ਔਫ਼ ਓਨਟੇਰਿਓ ਦੀ ਪ੍ਰੈਜ਼ੀਡੈਂਟ ਮਾਰਗਰੈਟ ਫਰੋਹ ਅਤੇ ਮੇਟੀ ਨੇਸ਼ਨ ਔਫ਼ ਐਲਬਰਟਾ ਦੀ ਪ੍ਰੈਜ਼ੀਡੈਂਟ ਐਂਡਰੀਆ ਸੈਂਡਮੇਅਰ ਦੀ ਫਾਈਲ ਤਸਵੀਰ।

ਮੇਟੀ ਨੇਸ਼ਨ ਔਫ਼ ਓਨਟੇਰਿਓ ਦੀ ਪ੍ਰੈਜ਼ੀਡੈਂਟ ਮਾਰਗਰੈਟ ਫਰੋਹ ਅਤੇ ਮੇਟੀ ਨੇਸ਼ਨ ਔਫ਼ ਐਲਬਰਟਾ ਦੀ ਪ੍ਰੈਜ਼ੀਡੈਂਟ ਐਂਡਰੀਆ ਸੈਂਡਮੇਅਰ ਦੀ ਫਾਈਲ ਤਸਵੀਰ।

ਤਸਵੀਰ: THE CANADIAN PRESS/Adrian Wyld

RCI

ਮੂਲਨਿਵਾਸੀ ਪਛਾਣ ਨਾਲ ਸਬੰਧਤ ਫ਼ਰਾਡ ਨਾਲ ਨਜਿੱਠਣ ਲਈ ਦੇਸ਼ ਭਰ ਦੇ ਮੂਲਨਿਵਾਸੀ ਲੀਡਰ ਮੰਗਲਵਾਰ ਅਤੇ ਬੁੱਧਵਾਰ ਨੂੰ ਵਿਨੀਪੈਗ ਵਿਚ ਇੱਕ ਸਿਖਰ ਸੰਮੇਲਨ ਦੌਰਾਨ ਵਿਚਾਰ-ਚਰਚਾ ਕਰਨਗੇ।

ਮੈਨੀਟੋਬਾ ਮੇਟੀ ਫ਼ੈਡਰੇਸ਼ਨ ਅਤੇ ਚੀਫ਼ਸ ਔਫ਼ ਓਨਟੇਰਿਓ ਵੱਲੋਂ ਆਯੋਜਿਤ ਇਸ ਬੈਠਕ ਵਿਚ ਇਨੁਇਟ ਲੀਡਰ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੇ ਆਪੋ ਆਪਣੇ ਅਧਿਕਾਰ ਖੇਤਰਾਂ ਵਿਚ ਇਸ ਵਿਸ਼ੇ ‘ਤੇ ਚਿੰਤਾ ਪ੍ਰਗਟਾਈ ਸੀ।

ਸੰਸਥਾ ਨੇ ਇੱਕ ਰਿਲੀਜ਼ ਵਿਚ ਕਿਹਾ ਕਿ ਇਸ ਸਿਖਰ ਸੰਮੇਲਨ ਵਿਚ ਪੂਰੇ ਕੈਨੇਡਾ ਤੋਂ ਫਸਟ ਨੇਸ਼ਨਜ਼, ਇਨੂਇਟ ਅਤੇ ਰੈੱਡ ਰਿਵਰ ਮੇਟੀ (ਮੂਲਨਿਵਾਸੀ ਭਾਏਚਾਰੇ) ਲੀਡਰਸ਼ਿਪ ਦੇ ਨੁਮਾਇੰਦੇ ਇਕੱਠੇ ਹੋ ਰਹੇ ਹਨ ਜਿੱਥੇ ਉਨ੍ਹਾਂ ਖ਼ਦਸ਼ਿਆਂ ‘ਤੇ ਵਿਚਾਰ ਕੀਤਾ ਜਾਵੇਗਾ ਕਿ ਕਿਵੇਂ ਨਿੱਜੀ ਉਦੇਸ਼ਾਂ ਅਤੇ ਲਾਭਾਂ ਲਈ ਮੂਲਨਿਵਾਸੀਆਂ ਦੀ ਪਛਾਣ ਦੀ ਚੋਰੀ ਹੋ ਰਹੀ ਹੈ।

ਚਰਚਾ ਲਈ ਤੈਅ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਬਿੱਲ ਸੀ-53 ਹੈ, ਜੋ ਕਿ ਇੱਕ ਫ਼ੈਡਰਲ ਕਾਨੂੰਨ ਹੈ ਜਿਹੜਾ ਐਲਬਰਟਾ, ਸਸਕੈਚਵਨ ਅਤੇ ਓਨਟੇਰਿਓ ਵਿੱਚ ਮੇਟੀ ਸਰਕਾਰਾਂ ਨੂੰ ਰਸਮੀ ਤੌਰ 'ਤੇ ਮਾਨਤਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਨੁਇਟ ਅਤੇ ਇਨੂ ਲੀਡਰਾਂ ਦੇ ਅਨੁਸਾਰ, ਪੂਰਬੀ ਕੈਨੇਡਾ ਵਿੱਚ ਮੂਲਨਿਵਾਸੀ ਪਿਛੋਕੜ ਦੇ ਗ਼ਲਤ ਅਤੇ ਨਾਜਾਇਜ਼ ਦਾਅਵੇ ਵੀ ਚਰਚਾ ਸੂਚੀ ਵਿੱਚ ਸ਼ਾਮਲ ਕੀਤੀ ਗਈ ਹੈ।

ਮੈਨੀਟੋਬਾ ਮੇਟੀ ਫੈਡਰੇਸ਼ਨ ਅਤੇ ਚੀਫ਼ਸ ਔਫ਼ ਓਨਟੇਰਿਓ ਦੁਆਰਾ ਬਿੱਲ C-53 ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ, ਜੋ ਕਹਿੰਦੇ ਹਨ ਕਿ ਮੇਟੀ ਨੇਸ਼ਨ ਆਫ ਓਨਟੇਰਿਓ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੇ ਅਧਿਕਾਰਾਂ ਨੂੰ ਖ਼ਤਰਾ ਹੈ। ਇਹਨਾਂ ਵੱਲੋਂ ਸੰਗਠਨ ਦੀ ਵੈਧਤਾ ‘ਤੇ ਹੀ ਸਵਾਲ ਉਠਾਏ ਗਏ ਹਨ।

ਅਸੈਂਬਲੀ ਔਫ਼ ਫਸਟ ਨੇਸ਼ਨਜ਼ (AFN), ਜੋ ਕਿ ਕੈਨੇਡਾ ਭਰ ਵਿੱਚ ਲਗਭਗ 630 ਚੀਫ਼ਸ ਦੀ ਨੁਮਾਇੰਦਗੀ ਕਰਦੀ ਹੈ, ਨੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਫ਼ੈਡਰਲ ਸਰਕਾਰ ਨੂੰ ਇਸ ਕਾਨੂੰਨ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ । AFN ਦੀਆਂ ਚਿੰਤਾਵਾਂ ਮੁੱਖ ਤੌਰ 'ਤੇ ਸਾਲ 2017 ਵਿੱਚ ਮੇਟੀ ਨੇਸ਼ਨ ਔਫ਼ ਓਨਟੇਰਿਓ ਅਤੇ ਸੂਬਾ ਸਰਕਾਰ ਵੱਲੋਂ ਛੇ ਨਵੇਂ ਭਾਈਚਾਰਿਆਂ ਨੂੰ ਮਾਨਤਾ ਦਿੱਤੇ ਜਾਣ ਤੇ ਕੇਂਦ੍ਰਿਤ ਹਨ, ਜਿਨ੍ਹਾਂ ਬਾਰੇ AFN ਦਾ ਇਹ ਕਹਿਣਾ ਹੈ ਕਿ ਇਹਨਾਂ ਭਾਈਚਾਰਿਆਂ ਦੇ ਮੌਜੂਦ ਹੋਣ ਦਾ ਕੋਈ ਇਤਿਹਾਸਕ ਆਧਾਰ ਨਹੀਂ ਹੈ।

ਮੇਟੀ ਨੇਸ਼ਨ-ਸਸਕੈਚਵਨ ਨੇ ਐਲਬਰਟਾ ਅਤੇ ਓਨਟੇਰਿਓ ਦੀਆਂ ਸੰਸਥਾਵਾਂ ਦੇ ਰਾਜਨੀਤਿਕ ਅਤੇ ਕਾਨੂੰਨੀ ਦਬਾਅ ਦਾ ਹਵਾਲਾ ਦਿੰਦੇ ਹੋਏ, ਅਪ੍ਰੈਲ ਵਿੱਚ ਇਸ ਕਾਨੂੰਨ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ।

ਸੋਮਵਾਰ ਤੱਕ ਦੀ ਜਾਣਕਾਰੀ ਅਨੁਸਾਰ, ਮੇਟੀ ਨੇਸ਼ਨ ਔਫ਼ ਓਨਟੇਰਿਓ ਨੂੰ ਬੁਲਾਰਿਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਮੇਟੀ ਨੇਸ਼ਨ ਆਫ ਓਨਟੇਰਿਓ ਦੀ ਪ੍ਰੈਜ਼ੀਡੈਂਟ, ਮਾਰਗਰੇਟ ਫਰੋਹ ਨੇ ਲੰਬੇ ਸਮੇਂ ਤੋਂ ਆਪਣੀ ਸੰਸਥਾ ਦਾ ਬਚਾਅ ਕੀਤਾ ਹੈ, ਅਤੇ ਕਿਹਾ ਹੈ ਕਿ ਉਹਨਾਂ ਨੂੰ ਸੂਬੇ ਵਿੱਚ ਮੇਟੀ ਦੇ ਇਤਿਹਾਸ ਬਾਰੇ ਦੱਸਣ ਲਈ ਓਨਟੇਰਿਓ ਵਿੱਚ ਫਸਟ ਨੇਸ਼ਨਜ਼ ਲੀਡਰਾਂ ਨਾਲ ਮਿਲਣ ਦੀਆਂ ਬੇਨਤੀਆਂ ਨੂੰ ਲਗਾਤਾਰ ਇਨਕਾਰ ਕੀਤਾ ਗਿਆ ਹੈ।

ਮੈਨੀਟੋਬਾ ਮੇਟੀ ਫੈਡਰੇਸ਼ਨ, ਜੋ ਕਿ ਰੈੱਡ ਰਿਵਰ ਮੇਟੀਜ਼ ਦੀ ਨੁਮਾਇੰਦਗੀ ਕਰਦੀ ਹੈ, ਅਕਸਰ ਇਸ ਬਾਰੇ ਗੱਲ ਕਰਦੀ ਹੈ ਕਿ ਕਿਵੇਂ ਮੇਟੀ ਨੇਸ਼ਨ ਔਫ਼ ਓਨਟੇਰਿਓ ਇਸ ਖੇਤਰ ਨਾਲ ਭਾਈਚਾਰਕ ਸਬੰਧ ਨਾ ਹੋਣ ਦੇ ਬਾਵਜੂਦ ਰੈੱਡ ਰਿਵਰ ਮੇਟੀ ਦੇ ਪ੍ਰਤੀਕਾਂ ਦੀ ਵਰਤੋਂ ਕਰਦੀ ਹੈ।

ਇਸ ਮਹੀਨੇ ਮੇਟੀ ਨੇਸ਼ਨ ਔਫ਼ ਓਨਟੇਰਿਓ ਦੇ ਮੈਂਬਰਾਂ ਨੂੰ ਇੱਕ ਵੱਖਰੇ ਪੱਤਰ ਵਿਚ, ਫਰੋਹ ਨੇ ਕਿਹਾ ਕਿ ਮੈਨੀਟੋਬਾ ਮੇਟੀ ਫ਼ੈਡਰੇਸ਼ਨ ਵੱਲੋਂ ਓਨਟੇਰਿਓ ਦੇ ਮੇਟੀ ਭਾਈਚਾਰਿਆਂ ਦਾ ਇਤਿਹਾਸ ਮਿਟਾਉਣ ਦੀ ਗਿਣਮਿੱਥ ਕੇ ਚਲਾਈ ਜਾ ਰਹੀ ਮੁਹਿੰਮ ਦੇ ਮੱਦੇਨਜ਼ਰ, ਤੱਥਾਂ ’ਤੇ ਅਧਾਰਤ ਕਹਾਣੀਆਂ ਸਾਂਝੀਆਂ ਕਰਨੀਆਂ ਜ਼ਰੂਰੀ ਹਨ। ਇਸ ਕੋਸ਼ਿਸ਼ ਵਿਚ ਸੰਸਥਾ ਵੱਲੋਂ ਸ਼ੌਰਟ ਵੀਡੀਓਜ਼ ਜਾਰੀ ਕਰਨਾ ਸ਼ੁਰੂ ਕੀਤਾ ਗਿਆ, ਜਿਸ ਵਿਚ ਸੂ ਸੇਂਟ ਮੈਰੀ ਇਲਾਕੇ ਦੇ ਮੇਟੀਜ਼ ਬਾਰੇ ਵੀ ਇੱਕ ਵੀਡੀਓ ਹੈ, ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਵੀਡੀਓ ਸਾਂਝੀ ਕਰਨ ਲਈ ਆਖਿਆ ਗਿਆ ਹੈ।

ਉਨ੍ਹਾਂ ਕਿਹਾ, ਅਸੀਂ ਕਿਸੇ ਨੂੰ ਵੀ ਸਾਡੇ ਇਤਿਹਾਸਕ ਮੇਟੀ ਭਾਈਚਾਰਿਆਂ ਅਤੇ ਸਾਡੇ ਅਧਿਕਾਰਾਂ ਨੂੰ ਘਟਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਸੰਮੇਲਨ, ਹਾਲ ਦੀ ਘੜੀ ਜਿਵੇਂ ਹੈ, ਅਜਿਹਾ ਕਰਨ ਦੀ ਧਮਕੀ ਦਿੰਦਾ ਹੈ

ਸੰਮੇਲਨ ਦੇ ਮੇਜ਼ਬਾਨ ਸੰਗਠਨਾਂ ਦਾ ਕਹਿਣਾ ਹੈ ਕਿ ਮੂਲਨਿਵਾਸੀ ਪਛਾਣ ਦੀ ਚੋਰੀ ਮੂਲਨਿਵਾਸੀ ਸਵੈ-ਨਿਰਣੇ ਨੂੰ ਕਮਜ਼ੋਰ ਕਰਦੀ ਹੈ ਅਤੇ ਬਸਤੀਵਾਦ ਦੇ ਇੱਕ ਨਵੇਂ ਰੂਪ ਨੂੰ ਉਤਸ਼ਾਹਿਤ ਕਰਦੀ ਹੈ।

ਚੀਫ਼ਸ ਔਫ਼ ਓਨਟੇਰਿਓ ਅਤੇ ਮੈਨੀਟੋਬਾ ਮੇਟੀ ਫ਼ੈਡਰੇਸ਼ਨ ਤੋਂ ਇਲਾਵਾ, ਅਦਾਲਤੀ ਪ੍ਰਣਾਲੀ ਵੀ ਉਸ ਵਰਤਾਰੇ ਨੂੰ ਸਮਝ ਰਹੀ ਹੈ, ਜਿਸਨੂੰ ਉਹ ਮੂਲਨਿਵਾਸੀ ਪਛਾਣ ਫ਼ਰਾਡ ਕਹਿੰਦੇ ਹਨ।

ਇਸ ਸਾਲ ਦੇ ਸ਼ੁਰੂ ਵਿੱਚ, ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਦੇ ਜੱਜ, ਡੇਵਿਡ ਪੈਟਰਸਨ ਨੇ ਕੈਨੇਡੀਅਨ ਅਦਾਲਤਾਂ ਵਿੱਚ ਮੂਲਨਿਵਾਸੀ ਪਛਾਣ ਫ਼ਰਾਡ ਦੇ ਕੇਸਾਂ ਦੀ ਇੱਕ ਸੁਨਾਮੀ ਦੀ ਚੇਤਾਵਨੀ ਦਿੱਤੀ ਸੀ, ਅਤੇ ਕਿਹਾ ਸੀ ਕਿ ਇਹ ਫ਼ਰਾਡ ਗ਼ੈਰ-ਮੂਲਨਿਵਾਸੀ ਲੋਕਾਂ ਦੀ ਉਸ ਇੱਛਾ ਕਰਕੇ ਸਾਹਮਣੇ ਆ ਰਹੇ ਹਨ ਕਿ ਮੂਲਨਿਵਾਸੀ ਪਛਾਣ ਇਖ਼ਤਿਆਰ ਕਰਨ ਕਰਕੇ ਉਨ੍ਹਾਂ ਨੂੰ ਕੁਝ ਲਾਭ ਮਿਲ ਜਾਣਗੇ।

ਚਾਈਲਡ ਪੌਰਨੋਗ੍ਰਾਫ਼ੀ ਬਾਰੇ ਇੱਕ ਫੈਸਲੇ ਵਿੱਚ, ਪੈਟਰਸਨ ਨੇ ਲਿਖਿਆ ਕਿ ਜੱਜਾਂ ਨੂੰ ਮਸਲੇ ਲਈ ਚੌਕਸ ਹੋਣਾ ਚਾਹੀਦਾ ਹੈ ਅਤੇ ਇਸ ਗੱਲ ਦੇ ਸਬੂਤ ਲੋੜੀਂਦੇ ਹੋਣੇ ਚਾਹੀਦੇ ਹਨ ਜੋ ਇਹ ਯਕੀਨੀ ਬਣਾਉਣ ਕਿ ਇੱਕ ਅਪਰਾਧੀ ਇੱਕ ਮੂਲਨਿਵਾਸੀ ਵਿਅਕਤੀ ਵਜੋਂ ਸਜ਼ਾ ਦਾ ਪਾਤਰ ਹੈ।

ਇਸ ਕੇਸ ਵਿੱਚ ਅਪਰਾਧੀ, ਪਾਦਰੀ ਨੇਥਨ ਐਲਨ ਜੋਸਫ਼ ਲੇਗੌਲਟ ਨੇ ਪਰਿਵਾਰ ਵਿਚ ਸੁਣੀ-ਸੁਣਾਈ ਕਹਾਣੀ, ਕਿ ਉਸਦੀ ਪੜਦਾਦੀ ਮੂਲਨਿਵਾਸੀ ਸੀ, ਦੇ ਅਧਾਰ ਤੇ ਮੇਟੀ ਵੰਸ਼ਜ ਹੋਣ ਦਾ ਦਾਅਵਾ ਕੀਤਾ ਸੀ । ਇਸ ਅਧਾਰ ‘ਤੇ ਉਸਨੇ ਦਲੀਲ ਦਿੱਤੀ ਸੀ ਕਿ ਉਸ ਦੇ ਮਾਮਲੇ ਵਿਚ ਮੂਲਨਿਵਾਸੀਆਂ ਨਾਲ ਸਬੰਧਤ ਵਿਲੱਖਣ ਸਥਿਤੀਆਂ ਵਾਲੇ ਗਲੇਡੂ ਸਿਧਾਂਤ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਜੋ ਅਦਾਲਤਾਂ ਨੂੰ ਸਜ਼ਾ ਸੁਣਾਉਣ ਦੌਰਾਨ ਮੂਲਨਿਵਾਸੀ ਅਪਰਾਧੀਆਂ ਦੇ ਪਿਛੋਕੜ ਅਤੇ ਸਦਮੇ 'ਤੇ ਵਿਚਾਰ ਕਰਨ ਦੀ ਅਪੀਲ ਕਰਦੇ ਹਨ।

ਪਰ ਉਸ ਦੀ ਗਲੇਡੂ ਰਿਪੋਰਟ ਅਨੁਸਾਰ ਇਸ ਗੱਲ ਦੇ ਕੋਈ ਸੰਕੇਤ ਨਹੀਂ ਮਿਲੇ ਕਿ ਉਸਦੇ ਜੀਵਨ ਅਨੁਭਵ ਕੈਨੇਡਾ ਵਿੱਚ ਮੂਲਨਿਵਾਸੀ ਲੋਕਾਂ ਨਾਲ ਮੇਲ ਖਾਂਦੇ ਹਨ।

ਨਿਪਸਿੰਗ ਫ਼ਸਟ ਨੇਸ਼ਨ ਚੀਫ਼ ਸਕੌਟ ਮੈਕਲੌਡ, ਜੋ ਕਿ ਇਸ ਦੇ ਮੁੱਖ ਵਿਰੋਧੀ ਹਨ ਅਤੇ ਜਿਸਨੂੰ ਉਹ ਓਨਟੇਰਿਓ ਵਿਚ ਮੂਲਨਿਵਾਸੀ ਪਛਾਣ ਫ਼ਰਾਡ ਆਖਦੇ ਹਨ, ਦਾ ਕਹਿਣਾ ਹੈ ਕਿ ਭਾਵੇਂ ਹੁਣ ਆਮ ਕੈਨੇਡੀਅਨਜ਼ ਮੂਲਨਿਵਾਸੀਆਂ ਦੇ ਸਹੀ ਇਤਿਹਾਸ ਬਾਰੇ ਵਧੇਰੇ ਜਾਣੂ ਹੋ ਰਹੇ ਹਨ ਅਤੇ ਸੁਲ੍ਹਾ ਦੇ ਹਾਲਾਤ ਸੁਧਰ ਰਹੇ ਹਨ, ਪਰ ਕੁਝ ਲੋਕ ਇਸ ਦਾ ਫ਼ਾਇਦਾ ਚੁੱਕਣ ਦੀ ਫ਼ਿਰਾਕ ਵਿਚ ਹਨ।

ਅਲੈਸੀਆ ਪੈਸਾਫ਼ਿਊਮ - ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ