1. ਮੁੱਖ ਪੰਨਾ
  2. ਸਮਾਜ

ਹਾਈਵੇ 401 ਦੇ ਘਾਤਕ ਕ੍ਰੈਸ਼ ਲਈ ਜ਼ਿੰਮੇਵਾਰ ਡਰਾਈਵਰ ’ਤੇ ਅਦਾਲਤ ਵੱਲੋਂ ਗੱਡੀ ਚਲਾਉਣ ਦੀ ਸੀ ਮਨਾਹੀ

21 ਸਾਲ ਦੇ ਗਗਨਦੀਪ ਸਿੰਘ ਖ਼ਿਲਾਫ਼ ਚੋਰੀ ਦੀ ਗੱਡੀ ਰੱਖਣ ਅਤੇ ਲੁੱਟ ਦੇ ਮਾਮਲੇ ਦਰਜ ਸਨ

ਪਿਛਲੇ ਮਹੀਨੇ ਓਨਟੇਰਿਓ ਦੇ ਹਾਈਵੇਅ 401 'ਤੇ ਵਾਪਰੇ ਸੜਕ ਹਾਦਸੇ ਵਿਚ ਤਿੰਨ ਸਾਲ ਦੇ ਬੱਚੇ ਸਣੇ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ।

ਸੋਮਵਾਰ ਨੂੰ ਹਾਈਵੇਅ 401 'ਤੇ ਵਾਪਰੇ ਸੜਕ ਹਾਦਸੇ ਵਿਚ ਛੇ ਵਾਹਨ ਸ਼ਾਮਲ ਸਨ। ਇਸ ਹਾਦਸੇ ਵਿਚ ਤਿੰਨ ਸਾਲ ਦੇ ਬੱਚੇ ਸਣੇ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ।

ਤਸਵੀਰ: (Patrick Morrell/CBC)

RCI

ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਪਿਛਲੇ ਮਹੀਨੇ ਟੋਰੌਂਟੋ ਤੋਂ ਪੂਰਬ ਵੱਲ ਹਾਈਵੇ 401 ‘ਤੇ ਹੋਏ ਘਾਤਕ ਸੜਕ ਹਾਦਸੇ ਲਈ ਜ਼ਿੰਮੇਵਾਰ ਵੈਨ ਦੇ ਡਰਾਈਵਰ ਨੂੰ ਅਦਾਲਤ ਨੇ ਗੱਡੀ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਹੋਏ ਸਨ।

ਪੁਲਿਸ ਵੱਲੋਂ ਪਿੱਛਾ ਕੀਤਾ ਜਾਣ ਦੇ ਨਤੀਜੇ ਵੱਜੋਂ ਹੋਏ ਇਸ ਹਾਦਸੇ ਵਿਚ ਵੈਨ ਡਰਾਈਵਰ ਸਣੇ ਭਾਰਤ ਤੋਂ ਆਇਆ ਇੱਕ ਬਜ਼ੁਰਗ ਜੋੜਾ ਅਤੇ ਤਿੰਨ ਮਹੀਨੇ ਦੇ ਇੱਕ ਬੱਚੇ ਦੀ ਵੀ ਮੌਤ ਹੋ ਗਈ ਸੀ। ਬੱਚੇ ਦੇ ਮਾਪੇ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ।

ਸੀਬੀਸੀ ਨੂੰ ਪ੍ਰਾਪਤ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਗਗਨਦੀਪ ਸਿੰਘ ਉੱਪਰ ਕਈ ਅਪਰਾਧਕ ਮਾਮਲੇ ਦਰਜ ਸਨ ਅਤੇ ਉਸਨੇ ਕਥਿਤ ਤੌਰ ‘ਤੇ ਜ਼ਮਾਨਤ ਦੀ ਉਹ ਸ਼ਰਤ ਵੀ ਤੋੜੀ ਸੀ ਜਿਸ ਵਿਚ ਉਸਨੂੰ ਗੱਡੀ ਚਲਾਉਣ ਤੋਂ ਵਰਜਿਆ ਗਿਆ ਸੀ।

ਅਦਾਲਤ ਵਿਚ ਗਗਨਦੀਪ ਸਿੰਘ ਦੀ ਨੁਮਾਇੰਦਗੀ ਕਰਨ ਵਾਲੇ ਬਚਾਅ ਪੱਖ ਦੇ ਵਕੀਲ, ਜੌਨ ਕ੍ਰਿਸਟੀ ਨੇ ਸੀਬੀਸੀ ਨਿਊਜ਼ ਨੂੰ ਪੁਸ਼ਟੀ ਕੀਤੀ ਹੈ ਕਿ ਵੈਨ ਦਾ ਡਰਾਈਵਰ ਗਗਨਦੀਪ ਸਿੰਘ ਸੀ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ 21 ਸਾਲ ਦੇ ਗਗਨਦੀਪ ਸਿੰਘ ਨੂੰ 28 ਫ਼ਰਵਰੀ ਨੂੰ ਓਨਟੇਰਿਓ ਦੇ ਵਿਟਬੀ ਵਿਚ ਚੋਰੀ ਦੀ ਗੱਡੀ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਸੀ। ਉਸਦੀਆਂ ਜ਼ਮਾਨਤ ਦੀਆਂ ਸ਼ਰਤਾਂ ਵਿਚ ਗੱਡੀ ਚਲਾਉਣ ਦੀ ਮਨਾਹੀ ਸ਼ਾਮਲ ਸੀ।

ਉਸਨੂੰ ਅਗਲੇ ਦਿਨ ਹੀ ਜ਼ਮਾਨਤ ਮਿਲ ਗਈ ਸੀ। ਵੱਖਰੇ ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਗਗਨਦੀਪ, ਜਿਸਦਾ ਕੋਈ ਪੱਕਾ ਟਿਕਾਣਾ ਨਹੀਂ ਸੀ, ਨੇ ਕਥਿਤ ਤੌਰ ‘ਤੇ ਬਰਲਿੰਗਟਨ ਅਤੇ ਓਕਵਿਲ ਦੇ ਐਲਸੀਬੀਓ ਵਿਚ ਚੋਰੀਆਂ ਕੀਤੀਆਂ ਸਨ।

ਵਕੀਲ ਨੇ ਜ਼ਮਾਨਤ ਦਿੱਤੇ ਜਾਣ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਜੇ ਸ਼ਰਾਬ ਚੋਰੀ ਦੇ ਮਾਮਲਿਆਂ ਵਿਚ ਜ਼ਮਾਨਤ ਨਹੀਂ ਮਿਲਦੀ ਤਾਂ ਜੇਲ੍ਹਾਂ ਭਰ ਜਾਣਗੀਆਂ, ਕਿਉਂਕਿ ਇਸ ਤਰ੍ਹਾਂ ਦੇ ਤਾਂ ਅਨੇਕਾਂ ਮਾਮਲੇ ਹੁੰਦੇ ਹਨ।

ਇਹ ਘਾਤਕ ਸੜਕ ਹਾਦਸਾ ਪੁਲਿਸ ਵੱਲੋਂ ਇੱਕ ਕਾਰ ਦਾ ਪਿੱਛਾ ਕੀਤੇ ਜਾਣ ਦਾ ਨਤੀਜਾ ਸੀ, ਜੋ ਕਿ ਓਨਟੇਰਿਓ ਦੇ ਕਲੇਰਿੰਗਟਨ ਵਿਚ ਪੈਂਦੇ ਬੋਮੈਨਵਿਲ ਵਿੱਖੇ ਇੱਕ ਸ਼ਰਾਬ ਸਟੋਰ ਦੀ ਕਥਿਤ ਲੁੱਟ ਨਾਲ ਸ਼ੁਰੂ ਹੋਈ ਸੀ। ਪੁਲਿਸ ਨੇ ਸ਼ੱਕੀ ਵਿਅਕਤੀ ਦਾ ਪਿੱਛਾ ਕੀਤਾ ਜੋਕਿ ਟੋਰੌਂਟੋ ਤੋਂ ਲਗਭਗ 50 ਕਿਲੋਮੀਟਰ ਪੂਰਬ, ਵਿਟਬੀ ਵਿੱਚ ਹਾਈਵੇਅ 401 'ਤੇ ਉਲਟੇ ਪਾਸੇ ਗੱਡੀ ਚਲਾ ਰਿਹਾ ਸੀ।

SIU ਦੇ ਅਨੁਸਾਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਪਿੱਛਾ ਇੱਕ ਘਾਤਕ ਟੱਕਰ ਦੇ ਰੂਪ ਵਿੱਚ ਖ਼ਤਮ ਹੋਇਆ ਜਿਸ ਵਿੱਚ ਘੱਟੋ ਘੱਟ ਛੇ ਵਾਹਨ ਸ਼ਾਮਲ ਸਨ। ਸੜਕ ਹਾਦਸੇ ਵਿਚ ਕੁਲ ਚਾਰ ਲੋਕਾਂ ਦੀ ਮੌਤ ਹੋਈ ਸੀ।

ਇਸ ਹਾਦਸੇ ਵਿਚ ਮਾਰੇ ਗਏ ਤਿੰਨ ਮਹੀਨੇ ਦੇ ਬੱਚੇ ਦਾ ਨਾਮ ਆਦਿਤਯਾ ਵਿਵਾਨ ਹੈ। ਬੱਚੇ ਦੇ ਦਾਦਾ ਮਨੀਵੰਨਨ ਸਰੀਨਿਵਾਸਪਿੱਲਏ ਅਤੇ ਦਾਦੀ ਮਹਾਲਕਸ਼ਮੀ ਅਨੰਥਾਕ੍ਰਿਸ਼ਨਨ ਵੀ ਇਸ ਕਾਰ ਹਾਦਸੇ ਵਿਚ ਮਾਰੇ ਗਏ। ਇਹ ਬਜ਼ੁਰਗ ਜੋੜਾ ਭਾਰਤ ਦੇ ਚੇਨਈ ਤੋਂ ਆਪਣੇ ਬੱਚਿਆਂ ਕੋਲ ਏਜੈਕਸ ਆਇਆ ਹੋਇਆ ਸੀ।

ਬੱਚੇ ਦੇ ਮਾਪੇ, ਗੋਕੁਲਨਾਥ ਮਨੀਵੰਨਨ ਅਤੇ ਅਸ਼ਵਿਤਾ ਜਵਾਹਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਇੱਕ ਬਿਆਨ ਵਿਚ ਕਿਹਾ ਸੀ ਕਿ ਇਸ ਹਾਦਸੇ ਨੇ ਉਨ੍ਹਾਂ ਦੇ ਜੀਵਨ ਵਿਚ ਇੱਕ ਖ਼ਲਾਅ ਪੈਦਾ ਕਰ ਦਿੱਤਾ ਹੈ ਜਿਸਨੂੰ ਬਿਆਨ ਕਰਨ ਲਈ ਸ਼ਬਦ ਹੀ ਨਹੀਂ ਹਨ।

SIU ਵੱਲੋਂ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਡਰਹਮ ਪੁਲਿਸ ਵੱਲੋਂ ਸੂਬੇ ਦੇ ਸਭ ਤੋਂ ਵਿਅਸਤ ਹਾਈਵੇਅ ਉੱਪਰ ਉਲਟੀ ਦਿਸ਼ਾ ਵੱਲ ਜਾ ਰਹੀ ਵੈਨ ਦਾ ਪਿੱਛਾ ਕਰਨਾ ਬਹੁਤ ਜ਼ਰੂਰੀ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ